Pages

ਰਮਜ਼ ਤੇ ਰਹੱਸ – ਗਿਆਨੀ ਸੰਤ ਸਿੰਘ ਜੀ ਮਸਕੀਨ


ਰਮਜ਼ ਤੇ ਰਹੱਸ ਵਿੱਚ ਸੱਚੀ ਬੜੀਆਂ ਡੂੰਘੀਆਂ ਰਮਜ਼ਾਂ ਹਨ। ਜੇਕਰ ਕੋਈ ਕਿਤਾਬ ਹੈ ਜਿਸ ਨੂੰ ਪੜ੍ਹ ਕੇ ਨਾਸਤਕ ਵੀ ਆਪਣੇ ਫੈਸਲੇ ਤੇ ਸੋਚੀਂ ਪੈ ਸਕਦਾ ਹੋਵੇ, ਤਾਂ ਉਹ ਇਹੀ ਕਿਤਾਬ ਹੈ। ਅਤੇ ਜੋ ਪਹਿਲਾਂ ਤੋਂ ਹੀ ਰੱਬ ਦੀ ਹੋਂਦ ਤੇ ਵਿਸ਼ਵਾਸ ਰੱਖਦਾ ਹੋਵੇ, ਉਸ ਨੂੰ ਨਾ ਕੇਵਲ ਵਿਸ਼ਵਾਸ ਵਿੱਚ ਪਕਿਆਈ ਮਿਲਦੀ ਹੈ ਬਲਕਿ ਠੀਕ ਰਾਹ ਵੀ ਦਿਸ ਪੈਂਦਾ ਹੈ।


ਕਿਤਾਬ ਵਿਚ ਪੰਜ ਅਧਿਆਇ ਹਨ –

1.   ਗਿਆਨ ਦੀਆਂ ਦੋ ਵਿਪਰੀਤ ਧਾਰਾਵਾਂ

2.   ਗੁਨ ਗੋਬਿੰਦ ਗਾਇਓ ਨਹੀਂ

3.   ਸ਼ਰਧਾ ਦੇ ਚਾਰ ਰੂਪ

4.   ਅਧਿਆਤਮਕ ਮੰਡਲ ਦੀਆਂ ਝਲਕੀਆਂ

5.   ਮਾਰੂ ਮੀਹਿ ਨ ਤ੍ਰਿਪਤਿਆ…


ਪਹਿਲੇ ਵਿੱਚ ਮਸਕੀਨ ਜੀ ਇੱਕ ਗਹਿਰੇ ਮੁੱਦੇ ਨੂੰ ਚੁੱਕਦੇ ਹਨ: ਵਿਗਿਆਨ ਅਤੇ ਧਰਮ। ਪਹਿਲਾਂ ਸਵਾਲ ਪਾ ਕੇ ਸੋਚਾਂ ਵਿੱਚ ਪਾ ਦਿੰਦੇ ਹਨ ਕਿ ਠੀਕ ਰਾਹ ਕੀ ਹੈ। ਫਿਰ ਬੜੇ ਬਾਖ਼ੂਬੀ ‘ਰਾਜ ਜੋਗ’ ਦਾ ਰਾਹ ਸਮਝਾ ਕੇ ਜਵਾਬ ਵੀ ਦੇ ਦਿੰਦੇ ਹਨ।


ਦੂਸਰੇ ਅਧਿਆਇ ਵਿੱਚ ਇੱਕ ਗੱਲ ਤੇ ਧਿਆਨ ਦਿੰਦੇ ਹਨ – ਗੁਣਾਂ ਦੀ ਪ੍ਰਾਪਤੀ = ਪਰਮਾਤਮਾ ਦੀ ਪ੍ਰਾਪਤੀ। ਜਿਵੇਂ ਪ੍ਰਕਾਸ਼ ਦਾ ਮਿਲ ਜਾਣਾ ਹੀ ਸੂਰਜ ਦਾ ਮਿਲ ਜਾਣਾ ਹੈ, ਉਵੇਂ ਹੀ ਪਰਮਾਤਮਾ ਬਣਨਾ ਭਾਵ ਪਰਮਾਤਮਾ ਵਰਗੇ ਗੁਣਾਂ ਦੇ ਧਾਰਨੀ ਹੋ ਜਾਣਾ। ਕਈ ਸਾਰੇ ਗੁਰਬਾਣੀ ਦੇ ਫੁਰਮਾਨ ਦੱਸਦੇ ਹਨ ਅਤੇ ਸੰਕਲਪ ਨੂੰ ਹਰ ਪਾਸਿਓਂ ਸਮਝਾ ਦਿੰਦੇ ਹਨ। ਅਖੀਰ ਤੇ ਇਹ ਪੜ੍ਹ ਕੇ ਉਤਸ਼ਾਹ ਤੇ ਹਲੂਣਾ ਮਿਲਦਾ ਹੈ – “ਬੂੰਦ ਨੂੰ ਸਾਗਰ ਹੋਣ ਦਾ ਅਵਸਰ ਮਿਲਿਆ ਹੈ। ਇਕ ਬੀਜ ਨੂੰ ਦਰਖਤ ਹੋਣ ਦਾ ਮੌਕਾ ਮਿਲਿਆ ਹੈ। ਅਗਰ ਇਕ ਬੀਜ ਫਲ ਤਕ ਅੱਪੜ ਨਹੀਂ ਸਕਿਆ ਤੇ ਮਹਾਨ ਬਿਰਖ ਨਹੀਂ ਬਣ ਸਕਿਆ, ਇਹ ਉਸਦੀ ਬਦਕਿਸਮਤੀ ਹੈ। ਮਨੁੱਖ ਪਰਮਾਤਮਾ ਨਹੀਂ ਹੋ ਸਕਿਆ, ਇਹ ਮਨੁੱਖ ਦੀ ਸਭ ਤੋਂ ਵੱਡੀ ਬਦਕਿਸਮਤੀ ਹੈ।"


ਤੀਸਰੇ ਅਧਿਆਏ ਦੀ ਕੀ ਸਿਫ਼ਤ, ਕੀ ਸ਼ੁਕਰਾਨਾ ਕਰੀਏ? ਸ਼ਰਧਾ ਦੇ ਚਾਰ ਰੂਪ ਮਸਕੀਨ ਜੀ ਦੱਸਦੇ ਹਨ: ਸਨੇਹ, ਪ੍ਰੇਮ, ਸ਼ਰਧਾ, ਭਗਤੀ। ਸਨੇਹ ਮਾਂ ਦਾ ਬੱਚੇ ਨਾਲ ਹੋ ਸਕਦਾ ਹੈ, ਮਨੁੱਖ ਦਾ ਜਾਨਵਰ ਨਾਲ ਹੋ ਸਕਦਾ ਹੈ, ਪ੍ਰਕਿਰਤੀ ਨਾਲ ਹੋ ਸਕਦਾ ਹੈ। ਸਨੇਹ ਕਾਫ਼ੀ ਨਹੀਂ – ਇਹ ਤਾਂ ਇੱਕ ਤਰਫ਼ਾ ਹੈ। ਅਗਲੀ ਪਉੜੀ ਹੈ ਪ੍ਰੇਮ ਦੀ। ਪ੍ਰੇਮ ਦੋ ਤਰਫ਼ਾ ਹੈ – ਪ੍ਰੇਮ ਕੁਰਬਾਨੀ ਵੀ ਮੰਗ ਸਕਦਾ ਹੈ, ਪ੍ਰੇਮ ਹਿਰਦਾ ਸ਼ੁੱਧ ਕਰ ਦਿੰਦਾ ਹੈ, ਪਰ ਸ਼ੁੱਧੀ ਦੇ ਬਾਵਜੂਦ ਵੀ ਪ੍ਰੇਮ ਬੁਲੰਦੀਆਂ ਨਹੀਂ ਛੁਹਾ ਸਕਦਾ। ਪ੍ਰੇਮ ਵੱਡਾ ਹੋ ਜਾਏ ਤਾਂ ਸ਼ਰਧਾ ਉਪਜਦੀ ਹੈ। ਸ਼ਰਧਾ ਵਿੱਚ ਭਿੱਜੇ ਮਨੁੱਖ ਵਿਚ ਆਪਣੇ ਤੋਂ ਉੱਚ ਪੱਧਰ ਦੀ ਹੋਂਦ ਦੇ ਲਈ ਸਤਿਕਾਰ ਉਤਪੰਨ ਹੁੰਦਾ ਹੈ। ਸ਼ਰਧਾ ਹੁਕਮ ਦੀ ਪਾਲਣਾ ਹੈ, ਸ਼ਰਧਾ ਵੀ ਨਿਛਾਵਰ ਹੋਣਾ ਮੰਗਦੀ ਹੈ, ਸ਼ਰਧਾ ਉੱਚਾ ਚੁੱਕ ਦਿੰਦੀ ਹੈ, ਚੇਲੇ ਨੂੰ ਚੇਲੇ ਤੋਂ ਉਤੇ ਚੁੱਕ ਦੇਂਦੀ ਹੈ, ਸ਼ਗਿਰਦ ਨੂੰ ਮੁਰਸ਼ਦ ਬਣਾ ਦਿੰਦੀ ਹੈ। ਪਰ ਸ਼ਰਧਾ ਸਿਖਰ ਨਹੀਂ - ਸਿਖਰ ਹੈ ਭਗਤੀ। ਸਨੇਹ ਕਿਸੇ ਆਮ ਮਨੁੱਖ ਨਾਲ, ਵਸਤੂ ਨਾਲ, ਜਾਨਵਰ ਨਾਲ ਪੈ ਸਕਦਾ ਹੈ, ਪ੍ਰੇਮ ਆਪਣੇ ਬਰਾਬਰ ਦੇ ਨਾਲ, ਜਿਵੇਂ ਜੀਵਨ ਸਾਥੀ ਨਾਲ, ਸ਼ਰਧਾ ਆਪਣੇ ਤੋਂ ਵੱਡੇ ਪ੍ਰਤੀ ਹੁੰਦੀ ਹੈ, ਪਰ ਭਗਤੀ – ਭਗਤੀ ਸਿਖਰ ਹੈ। ਭਗਤੀ ਭਗਵਾਨ ਦੀ ਹੁੰਦੀ ਹੈ ਅਤੇ ਭਗਤੀ ਭਗਵਾਨ ਬਣਾ ਦਿੰਦੀ ਹੈ। ਕਿੰਨੇ ਕਮਾਲ ਦੀ ਗੱਲ ਹੈ ਕਿ ਸਮੁੰਦਰ ਵਿੱਚ ਤੈਰਦੇ ਹੋਏ ਸਮੁੰਦਰ ਹੋਣਾ ਸੰਭਵ ਹੈ!


ਚੌਥਾ ਅਧਿਆਇ ਹੈ ‘ਅਧਿਆਤਮਕ ਮੰਡਲ ਦੀਆਂ ਝਲਕੀਆਂ’। ਮਸਕੀਨ ਜੀ ਰੱਬ ਦੀ ਨਵੀਂ ਪਰਿਭਾਸ਼ਾ ਹੀ ਦੇ ਦਿੰਦੇ ਹਨ। ਨਾਲ ਹੀ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਸੰਸਾਰ ਵਿੱਚ ਜਿਸ ਚੀਜ਼ ਦੀ ਪਿਆਸ ਹੈ ਉਹ ਚੀਜ਼ ਵੀ ਹੈ। ਭੋਜਨ ਦੀ, ਰਸਾਂ ਦੀ, ਆਰਾਮ ਦੀ, ਭਾਈਚਾਰੇ ਦੀ ਪਿਆਸ ਹੈ – ਅਤੇ ਇਹ ਸਭ ਤਾਂ ਹੈ ਵੀ। ਪਰ ਮਨੁੱਖ ਨੂੰ ਕਦੇ ਨਾ ਕਦੇ ਆਪਣੇ ਤੋਂ ਉਚੇਰੀ ਇੱਕ ਅਵਸਥਾ ਦੀ ਵੀ ਪਿਆਸ ਲੱਗਦੀ ਹੈ  – ਭਾਵੇਂ ਜੀਵਨ ਵਿੱਚ ਇੱਕ ਵਾਰ ਲੱਗੇ – ਜਦ ਆਪਣਾ ਸਰੀਰ ਨਿੱਕੀ ਦੁਨੀਆਂ ਜਾਪਦਾ ਹੈ ਅਤੇ ਮਨੁੱਖ ਕੁਝ ਵੱਡਾ ਬਣਨਾ ਲੋਚਦਾ ਹੈ – ਮਸਕੀਨ ਜੀ ਕਹਿੰਦੇ ਹਨ, ਇਹੀ ਤਾਂ ਪਰਮਾਤਮਾ ਬਣਨਾ ਹੈ!


ਅਖੀਰਲੇ ਅਧਿਆਇ ਵਿਚ ਹਰ ਸੰਕਲਪ ਦਾ ਕੁਝ ਕੁਝ ਦੁਹਰਾਉ ਕਰਕੇ ਪੂਰੀ ਤਰ੍ਹਾਂ ਦ੍ਰਿੜ ਕਰ ਦਿੰਦੇ ਹਨ। ਥਾਂ-ਥਾਂ ਤੇ ਮਸਕੀਨ ਜੀ ਦੇ ਲਿਖੇ ਪੰਨੇ ਗੁਰਬਾਣੀ ਦੀਆਂ ਪੰਕਤੀਆਂ ਅਤੇ ਮਨ ਨੂੰ ਟੁੰਭ ਦੇਣ ਵਾਲੀ ਸੱਚੀ-ਸੁੱਚੀ ਸ਼ਾਇਰੀ ਨਾਲ ਓਤਪੋਤ ਹਨ। ਅਖੀਰਲੇ ਪੰਨਿਆਂ ਵਿਚ ਮਖਮੂਰ ਦਿਹਲਵੀ ਦਾ ਇਕ ਸ਼ੇਅਰ ਕਹਿੰਦੇ ਹਨ –


“ਮੁਹੱਬਤ ਕੇ ਲਿਏ ਕੁਛ ਖਾਸ ਦਿਨ ਮਖਸੂਸ ਹੋਤੇ ਹੈਂ,

ਯਿਹ ਵੁਹ ਨਗਮਾ ਹੈ ਜੋ ਹਰ ਸਾਜ਼ ਪਿ ਗਾਯਾ ਨਹੀਂ ਜਾਤਾ।”

Inderpal Singh

A student, a discoverer and a reader.

No comments:

Post a Comment