Pages

ਰਾਣਾ ਭਬੌਰ - ਭਾਈ ਸਾਹਿਬ ਭਾਈ ਵੀਰ ਸਿੰਘ


 

ਰਾਣਾ ਭਬੌਰ ਲਈ ਮੇਰੇ ਦਿਲ ਵਿਚ ਹਮੇਸ਼ਾ ਹੀ ਇਕ ਖਾਸ ਥਾਂ ਰਹੇਗੀ।

ਇਕ ਧਾਰਮਿਕ ਸੰਸਥਾ ਦੇ ਦਫਤਰ ਵਿਚ ਬੈਠਿਆਂ ਮੈੰ ਇਹ ਕਿਤਾਬ ਪਹਿਲੀ ਵਾਰ ਚੁੱਕੀ ਤੇ ਪੜ੍ਹਨ ਲੱਗਾ। ਉਸ ਵਕਤ ਕੁਝ ਹੀ ਪੰਨੇ ਪੜ੍ਹ ਸਕਿਆ, ਤੇ ਛੇਤੀ ਹੀ ਭੁੱਲ ਗਿਆ ਅਤੇ ਮੁੜ ਲੰਬਾ ਸਮਾਂ ਇਹ ਕਿਤਾਬ ਪੜ੍ਹਨ ਦਾ ਸਬੱਬ ਨਾ ਬਣ ਪਾਇਆ।

ਪਹਿਲੀ ਵਾਰ ਮੈਂ ਰਾਣਾ ਭਬੌਰ ਬਾਰੇ ਇਕ ਧਾਰਮਿਕ ਕਲਾਸ ਵਿੱਚ ਸੁਣਿਆ ਸੀ। ਇਕ ਵੀਰ ਜੀ ਨੇ ਇਹ ਕਿਤਾਬ ਹਾਲ ਹੀ ਵਿੱਚ ਪੜ੍ਹੀ ਸੀ ਤੇ ਇਸ ਦੀਆਂ ਖਾਸ ਗੱਲਾਂ ਸਾਨੂੰ ਦੱਸ ਰਹੇ ਸਨ। ਜਿਹੜੀ ਮੋਟੀ-ਮੋਟੀ ਗੱਲ ਮੈਨੂੰ ਲੰਮਾ ਸਮਾਂ ਯਾਦ ਰਹੀ, ਉਹ ਸੀ ਕਿ ਕਹਾਣੀ ਵਿੱਚ ਇੱਕ ਰਾਜਾ-ਰਾਣੀ ਹਨ ਤੇ ਉਨ੍ਹਾਂ ਦੀ ਕੋਈ ਵਾਰਤਾਲਾਪ ਹੁੰਦੀ ਹੈ ਜੋ ਬਾ ਕਮਾਲ ਹੈ।

ਆਖਿਰਕਾਰ ੨੦੨੦ ਦੇ ਮੱਧ ਵਿੱਚ ਮੈਂ ਇਸ ਕਿਤਾਬ ਦੀ ਇਕ ਕਾਪੀ ਖਰੀਦ ਹੀ ਲਈ। ਉਸ ਵਕਤ ਮੇਰੇ ਚਾਲੀ ਰੁਪਏ ਲੱਗੇ, ਕੇਵਲ, ਪਰ ਹੁਣ ਲਗਦਾ ਹੈ ਕਿ ਮੈਂ ਇਹ ਕਿਤਾਬ ਬੜੇ ਸਸਤੇ ਭਾਅ ਲੈ ਆਇਆ। ਕਿਤੇ ਮੇਰੀ ਜਾਨ ਦਾਅ ਤੇ ਲੱਗਦੀ, ਕੋਈ ਬੜੀ ਨੇਕ ਕੰਮ ਕਰਦਾ, ਤਾਂ ਇਹ ਕਿਤਾਬ ਮਿਲਦੀ, ਤਾਂ ਵੀ ਸ਼ਾਇਦ ਇਸ ਦੀ ਕੀਮਤ ਨਾ ਪੈ ਸਕਦੀ।

ਖੈਰ, ਮੈਨੂੰ ਦੋ-ਤਿੰਨ ਦਿਨ ਲੱਗੇ ਰਾਣਾ ਭਬੌਰ ਨੂੰ ਪੂਰਾ ਪੜ੍ਹਨ ਵਿੱਚ। ਇਹ ਕਹਾਣੀ ਭਾਈ ਵੀਰ ਸਿੰਘ ਜੀ ਵੱਲੋਂ ਰਚਿਤ ਸ੍ਰੀ ਗੁਰੂ ਕਲਗੀਧਰ ਚਮਤਕਾਰ ਵਿਚ ਮਿਲਦੀ ਹੈ ਅਤੇ ਇਸ ਨੂੰ ਅਲੱਗ ਕਰਕੇ ਕਿਤਾਬ ਦਾ ਰੂਪ ਦੇ ਦਿੱਤਾ ਗਿਆ ਹੈ।

ਮੈਨੂੰ ਇੰਜ ਲੱਗਦਾ ਹੈ ਕਿ ਰਾਣਾ ਭਬੌਰ ਕੇਵਲ ਇਕ ਕਿਤਾਬ ਨਹੀਂ ਹੈ — ਇਹ ਤਾਂ ਇਕ ਤਜਰਬਾ ਹੈ ਜੋ ਕਿਤੋਂ ਹੋਰੋਂ ਨਹੀਂ ਮਿਲ ਸਕਦਾ। ਸ਼ਬਦ ਦਰ ਸ਼ਬਦ ਅੱਗੇ ਵਧਦਿਆਂ ਜੋ ਅਹਿਸਾਸ ਹੁੰਦੇ ਹਨ, ਥੋੜ੍ਹੇ-ਥੋੜ੍ਹੇ ਚਿਰ ਬਾਅਦ ਚਿਹਰੇ ਮੁਸਕਾਨ ਆਉਂਦੀ ਹੈ, ਜੋ ਕਈ ਵਾਰ ਮਨ ਪਿਘਲਣ ਦੇ, ਬਲਿਹਾਰੇ ਜਾਣ ਦੇ ਖ਼ਿਆਲ ਆਉਂਦੇ ਹਨ, ਸ਼ਾਇਦ ਹੀ ਕਿਸੇ ਹੋਰ ਰਚਨਾ ਵਿੱਚ ਐਸੀ ਰਵਾਨਗੀ ਹੋਵੇ।

ਉਂਞ ਵੇਖੋ ਤਾਂ ਲੱਗਦਾ ਹੈ ਕਿ ਇਕ ਆਮ ਜਿਹੀ ਕੋਈ ਕਹਾਣੀ ਹੈ: ਇੱਕ ਰਾਜਾ ਭਬੌਰ ਦਾ, ਨਵ-ਵਿਆਹਿਆ, ਜਿਸਦੀ ਪਤਨੀ ਸਿੱਖ ਪਰ ਆਪ ਕੁਝ ਰਹੱਸਮਈ ਜਿਹਾ, ਖ਼ਬਰ ਮਿਲਣੀ ਗੁਰੂ ਗੋਬਿੰਦ ਸਿੰਘ ਜੀ ਭਬੌਰ ਆ ਰਹੇ ਹਨ, ਤੇ ਫਿਰ ਮਿਲਾਪ ।

ਪਰ ਜਿਸ ਖੂਬਸੂਰਤੀ ਨਾਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਕ ਇਕ ਅੱਖਰ ਨੂੰ ਜੜਿਆ ਹੈ ਉਹ ਬਿਆਨੋਂ ਬਾਹਰ ਹੈ। ਇੰਨੀ ਉੱਚੀ ਅਵਸਥਾ ਦੀ ਵਾਰਤਾਲਾਪ, ਇਨੇ ਸੁਹਣੇ ਕਿਰਦਾਰ, ਤੇ ਫਿਰ ਕਹਾਣੀ ਦੇ ਸੀਨੇ ਵਿੱਚ ਵੱਡਾ ਕੀਮਤੀ ਇੱਕ ਵਿਚਾਰ: ਕਿ ਪ੍ਰੇਮ ਇੱਕ ਤਰ੍ਹਾਂ ਦਾ ਨਹੀਂ। ਪ੍ਰੇਮ ਕੀਮਤੀ ਹੈ। ਪ੍ਰੇਮ ਇਕੱਲਿਆਂ ਵਿੱਚ ਲੁਕ ਕੇ ਕੀਤਾ ਜਾਏ ਤਾਂ ਵੀ ਪ੍ਰੇਮ ਪ੍ਰੇਮ ਹੀ ਰਹਿੰਦਾ ਹੈ। ਪ੍ਰੇਮੀ ਕਿਤੇ ਵੀ ਮਿਲ ਸਕਦਾ ਹੈ। ਹਰ ਕੋਈ ਆਪਣੇ ਪ੍ਰੇਮ ਦਾ ਰਾਹ ਵਿਲੱਖਣ ਬਣਾਉਂਦਾ ਹੈ - ਕੋਈ ਪ੍ਰੇਮ ਦਾ ਪ੍ਰਦਰਸ਼ਨ ਕਰਨ ਵਿੱਚ ਵੀ ਝਿਜਕਦਾ ਨਹੀਂ, ਤੇ ਕੋਈ ਕਹਿੰਦਾ ਹੈ ਕਿ "ਹਾਇ! ਮੇਰੀ ਨਿੱਕੀ ਨਿੱਕੀ, ਨਿੱਕੀ ਨਿੱਕੀ ਪਿਆਰ ਕਣੀ ਨਿਰਮਲ ਰਹੇ।"

ਜਦ ਅਖੀਰਲੇ ਅੱਖਰ ਦਾ ਘੁੱਟ ਭਰ ਕੇ, ਰੱਜ ਕੇ, ਤੁਸੀਂ ਕਿਤਾਬ ਰਖਦੇ ਹੋ ਤਾਂ ਇਕ ਜ਼ਿੰਦਾਪਨ ਦਾ ਅਹਿਸਾਸ ਹੁੰਦਾ ਹੈ, ਸੰਸਾਰ ਖ਼ੂਬਸੂਰਤ ਦਿਸਣ ਲੱਗਦਾ ਹੈ — ਪ੍ਰੇਮ ਕਰਨ ਨੂੰ ਮਨ ਕਰਦਾ ਹੈ। ਆਹਾ! ਕਿਤਾਬ ਉਹੀ ਸੁਹਿਰਦ ਜਿਸਨੂੰ ਪਡ਼੍ਹਕੇ ਪ੍ਰਮ ਕਰਨ ਨੂੰ ਮਨ ਕਰੇ!

ਸੋਚਣਾ ਔਖਾ ਹੈ ਕਿ ਕਿਵੇਂ ਭਾਈ ਵੀਰ ਸਿੰਘ ਜੀ ਇਸ ਅਵਸਥਾ ਤੇ ਲਿਖ ਲੈਂਦੇ ਹਨ, ਕਿਵੇਂ ਪ੍ਰੇਮ ਦੀਆਂ ਪਹਾੜੀਆਂ ਤੇ ਪੁੱਜ ਕੇ ਫਿਰ ਸਾਨੂੰ ਥੋੜ੍ਹਾ ਜਿਹਾ ਸੁਆਦ ਚੱਖਣ ਨੂੰ ਦਿੰਦੇ ਹਨ। ਪ੍ਰੇਮ ਦੇ ਰਾਹ ਤੁਰਨ ਨੂੰ, ਪ੍ਰੇਮ-ਪਹਾੜੀ ਚੜ੍ਹਨ ਨੂੰ ਦਿਲ ਕਰਦਾ ਹੈ।

ਮੈਂ ਭਾਗਾਂ ਵਾਲਾ ਹਾਂ ਮੈਂ ਇਹ ਕਿਤਾਬ ਪੜ੍ਹ ਸਕਿਆ। ਇਸਦੇ ਵਿਚਾਰ, ਸਿੱਖਿਆਵਾਂ ਮੇਰੇ ਆਪਣੇ ਪ੍ਰੇਮ ਮਾਰਗ ਨੂੰ ਰੋਸ਼ਨ ਕਰਨਗੇ ਅਤੇ ਪਰਮਾਤਮਾ ਦੀ ਤਸਵੀਰ ਨੂੰ ਥੋੜ੍ਹਾ ਹੋਰ ਸਾਫ ਕਰਕੇ ਤਾਂਘ ਵਿੱਚ ਵਾਧਾ ਕਰਨਗੇ।

ਤੇ ਰਾਣਾ ਭਬੌਰ ਲਈ ਮੇਰੇ ਦਿਲ ਵਿਚ ਹਮੇਸ਼ਾ ਹੀ ਇਕ ਖਾਸ ਥਾਂ ਰਹੇਗੀ।





Inderpal Singh

A student, a discoverer and a reader.

No comments:

Post a Comment