ਸੁੰਦਰੀ ਦੀ ਸੁੰਦਰਤਾ ਬਿਆਨੋਂ ਬਾਹਰ ਹੈ। ਹੋਰ ਹੈਰਾਨਗੀ ਹੁੰਦੀ ਹੈ ਜਦ ਜਾਣਦੇ ਹਾਂ ਕਿ ਭਾਈ ਵੀਰ ਸਿੰਘ ਜੀ ਨੇ ਸੁੰਦਰੀ ਨੂੰ ਆਪਣੀ ਦੱਸਵੀਂ ਜਮਾਤ ਵਿਚ ਰਚਿਆ। ਸੁੰਦਰੀ “ਬਾਰੇ” ਪੜ੍ਹਕੇ ਪਤਾ ਲਗਦਾ ਹੈ ਉਸ ਵਕਤ ਦੇ ਸਿੱਖ ਸਮਾਜ ਵਿਚ ਇਕ ਨਵੀਂ ਜਾਨ ਭਰਨ ਲਈ ਅਤੇ ਪੰਜਾਬੀ ਸਾਹਿਤ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਸੁੰਦਰੀ ਨੂੰ ਰਚਿਆ ਗਿਆ।
ਸੁੰਦਰੀ ਨਾਵਲ ਇਕ ਬਾਖੂਬੀ ਕੋਸ਼ਿਸ਼ ਹੈ ਇਹ ਦਿਖਾਉਣ ਦੀ ਕਿ ਜੰਗਲਾਂ ਵਿਚ ਕਿਸ ਤਰ੍ਹਾਂ ਸਿੰਘ ਰਹਿੰਦੇ ਸਨ, ਕੀ ਉਨ੍ਹਾਂ ਦੇ ਚਰਿੱਤਰ ਸਨ ਤੇ ਕੀ ਕੀ ਘਾਲਨਾਵਾਂ ਦੇ ਬਾਵਜੂਦ ਵੀ ਵਿਲੱਖਣ ਰਹਿੰਦੇ ਸਨ ਅਤੇ ਚੜ੍ਹਦੀ ਕਲਾ ਵਿਚ ਵਿਚਰਦੇ ਸਨ।
ਸੁੰਦਰੀ ਪੜ੍ਹਦੇ-ਪੜ੍ਹਦੇ ਇਉਂ ਲਗਦਾ ਹੈ ਜਿਵੇਂ ਤੁਸੀਂ ਦੱਸੇ ਜਾ ਰਹੇ ਬਿਰਤਾਂਤ ਦੇ ਵਿਚ ਹੀ ਸਮਾ ਗਏ ਹੋ ਅਤੇ ਉੱਥੇ ਖੜ੍ਹ ਕੇ ਸਭ ਦ੍ਰਿਸ਼ ਦੇਖ ਰਹੇ ਹੋ। ਸੁੰਦਰੀ – ਜੋ ਉੱਚੇ ਆਚਰਨ, ਭਾਵਨਾ ਅਤੇ ਆਚਾਰ ਪ੍ਰਚਾਰ ਵਾਲੇ ਸਿੰਘਾਂ ਦੀ ਸੰਗਤ ਕਰਕੇ ਸੁੰਦਰ ਕੌਰ ਬਣ ਜਾਂਦੀ ਹੈ - ਕਿਵੇਂ ਸਿੱਖੀ ਨਾ ਕੇਵਲ ਉਸ ਨੂੰ ਇਕ ਨਵੀਂ ਜਾਨ ਦਿੰਦੀ ਹੈ ਸਗੋਂ ਜੀਵਨ ਦਾ ਇਕ ਨਵਾਂ ਮਨੋਰਥ, ਇਕ ਨਵਾਂ ਬਲ, ਇਕ ਸੱਚਾ ਜੀਵਨ ਤੇ ਇਕ ਸੁੱਚੀ ਸ਼ਹਾਦਤ ਨਾਲ ਸਰਸ਼ਾਰ ਕਰ ਦਿੰਦੀ ਹੈ।
ਮੈਨੂੰ ਇੰਞ ਲਗਦਾ ਹੈ ਕਿ ਸੁੰਦਰੀ ਇਕ ਕਿਤਾਬ ਨਾ ਹੁੰਦੇ ਹੋਏ ਇਕ ਸੱਚਾ-ਸੁੱਚਾ ਤਜ਼ਰਬਾ ਹੈ, ਇਕ ਦ੍ਰਿਸ਼ ਹੈ ਜੋ ਜਦ ਤੁਸੀਂ ਇਕ ਵਾਰ ਪੜ੍ਹ ਲੈਂਦੇ ਹੋ ਤਾਂ ਸਦਾ ਵਾਸਤੇ ਉਸਦੇ ਅੰਸ਼ ਉਹਾਡੇ ਮਨ ਦੀ ਪਿਛਲੀ ਕੰਧ ਤੇ ਛਪ ਜਾਂਦੇ ਹਨ ਅਤੇ ਮੜ ਮੁੜ ਕੇ ਅੱਖੀਂ-ਦੇਖੇ ਤਜ਼ਰਬਿਆਂ ਵਾਂਗ ਦਿਸਦੇ ਹਨ। ਜਿਵੇਂ ਅਸੀਂ ਹੀ ਕਿਸੇ ਵਕਤ ਸੁੰਦਰੀ ਹੋਈਏ ਜਿਸ ਨੂੰ ਇਕ ਮੁਗਲ ਉਸਦੇ ਮੁਕਲਾਵੇ ਦੇ ਨੇੜੇ ਚੁੱਕ ਕੇ ਲੈ ਗਿਆ ਸੀ ਤੇ ਫਿਰ ਉਸਦਾ ਪਰਿਵਾਰ ਤੋਂ ਵਿਛੜਿਆ ਪਰ ਪਰਮਾਤਮਾ ਨਾਲ ਇਕ ਮਿਕ ਸਿੰਘ ਸਜਿਆ ਭਰਾ ਘੋੜੇ ਤੇ ਬਿਠਾ ਛੁੜਵਾ ਕੇ ਲਿਆਇਆ, ਤੇ ਫਿਰ ਰੱਬ ਨਾਲ ਜੁੜਿਆਂ ਦੀ ਸੰਗਤ ਵਿਚ ਪਾ ਦਿੱਤਾ।
No comments:
Post a Comment